ਚੰਡੀਗੜ੍ਹ, 16 ਅਕਤੂਬਰ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਾਂਗਰਸ ‘ਤੇ ਵੰਡਣ ਦੀ ਸਿਆਸਤ ਕਰਨ ਸਬੰਧੀ ਲਗਾਏ ਦੋਸ਼ਾਂ ਨੂੰ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਦੀ ਉਦਾਹਰਨ ਕਰਾਰ ਦਿੰਦਿਆਂ, ਬਾਦਲ ਦੀ ਨਿੰਦਾ ਕੀਤੀ ਹੈ।
ਇਸ ਲੜੀ ਹੇਠ ਬਾਦਲ ਵੱਲੋਂ ਕਾਂਗਰਸ ‘ਤੇ ਚਿੱਟੇ ਰਾਵਣ ਦੇ ਪੁਤਲੇ ਸਾੜਨ ਕੇ ਵੰਡਣ ਦੀ ਸਿਆਸਤ ਕਰਨ ਸਬੰਧੀ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ਼ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਦੇ ਦੋਸ਼ਾਂ ਦੇ ਉਲਟ ਚਿੱਟਾ ਰਾਵਣ ਸਾੜਨਾ ਤੁਹਾਡੀ ਸਰਕਾਰ ਖਿਲਾਫ ਗੁੱਸਾ ਤੇ ਰੋਸ ਪ੍ਰਗਟਾਉਂਦਿਆਂ ਸਾਰੇ ਪੰਜਾਬੀਆਂ ਦੀ ਇਕਜੁੱਟਤਾ ਨੂੰ ਜਾਹਿਰ ਕਰਦਾ ਹੈ।
ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਛੋਟੇ ਤੇ ਵਿਅਕਤੀ ਹਿੱਤਾਂ ਖਾਤਿਰਜ ਲੋਕਾਂ ਨੂੰ ਸੰਪ੍ਰਦਾਇਕ ਅਧਾਰ ‘ਤੇ ਵੰਡਦਿਆਂ ਵੰਡਣ ਦੀ ਸਿਆਸਤ ਕੀਤੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਹੀ ਸਨ, ਜਿਨ੍ਹਾਂ ਨੇ ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜਿਸ਼ ਰੱਚੀ ਸੀ, ਜਿਸ ਤੋਂ ਬਾਅਦ ਲੁਧਿਆਣਾ ‘ਚ ਪਵਿੱਤਰ ਗੀਤਾ ਤੇ ਮਲੇਰਕੋਟਲਾ ‘ਚ ਪਵਿੱਤਰ ਕੁਰਾਨ ਦੀਆਂ ਬੇਅਦਬੀ ਦੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਇਕ ਵਾਰ ਫਿਰ ਤੋਂ ਕਾਂਗਰਸ ਨੂੰ ਉਨ੍ਹਾਂ ਦੋਸ਼ਾਂ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਲਈ ਉਹ ਖੁਦ ਗੁਨਾਹਗਾਰ ਹਨ।
ਕੈਪਟਨ ਅਮਰਿੰਦਰ ਨੇ ਬਾਦਲ ਤੋਂ ਸਵਾਲ ਕੀਤਾ ਕਿ ਕਿਉਂ ਉਹ ਤੇ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਰੋਸ ਪ੍ਰਤੀ ਹੱਦ ਤੋਂ ਵੱਧ ਪ੍ਰਤੀਕ੍ਰਿਆ ਦਿਖਾ ਰਹੇ ਹਨ, ਜੋ ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ ਇਕ ਪ੍ਰਤੀਕ੍ਰਿਆ ਵਜੋਂ ਹੋਣਾ ਹੀ ਸੀ। ਜਿਨ੍ਹਾਂ ਨੇ ਬਾਦਲ ਤੋਂ ਸਵਾਲ ਕੀਤਾ ਕਿ ਕਿਉਂ ਤੁਹਾਨੂੰ ਲੋਕਾਂ ਵੱਲੋਂ ਚਿੱਟਾ ਰਾਵਣ ਸਾੜਨ ‘ਤੇ ਤਕਲੀਫ ਹੁੰਦੀ ਹੈ ਤੇ ਤੁਸੀਂ ਉਨ੍ਹਾਂ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਤੁਹਾਡਾ ਚਿੱਟੇ ਰਾਵਣ ਨਾਲ ਵਿਸ਼ੇਸ਼ ਰਿਸ਼ਤਾ ਹੈ?
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਬਾਦਲ ਨੂੰ ਕਿਹਾ ਕਿ ਚਿੱਟਾ ਰਾਵਣ ਸਾੜਨ ‘ਚ ਵੰਡਣ ਵਾਲੀ ਕੋਈ ਗੱਲ ਨਹੀਂ ਹੈ। ਬੇਹਤਰ ਹੋਵੇਗਾ, ਜੇ ਉਹ ਆਮ ਪੰਜਾਬੀਆਂ ‘ਚ ਫੈਲ੍ਹੇ ਗੁੱਸੇ ਅਤੇ ਰੋਸ ਨੂੰ ਮਹਿਸੂਸ ਕਰਨ। ਜਿਹੜੇ ਆਪਣੀ ਮਰਜ਼ੀ ਨਾਲ ਸੂਬੇ ਭਰ ‘ਚ ਪੁਤਲੇ ਸਾੜ ਰਹੇ ਹਨ।
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਸਮੱਸਿਆ ਨੂੰ ਸਮਝਣ ਅਤੇ ਆਤਮ ਵਿਸ਼ਲੇਸ਼ਣ ਕਰਨ ਦੀ ਬਜਾਏ, ਇਕ ਵਾਰ ਫਿਰ ਤੋਂ ਦੂਜਿਆਂ ‘ਤੇ ਦੋਸ਼ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹੋ। ਉਨ੍ਹਾਂ ਨੇ ਬਾਦਲ ਨੂੰ ਚੇਤਾਵਨੀ ਦਿੱਤੀ ਕਿ ਲੋਕਾਂ ਦੇ ਗੁੱਸੇ ਨੂੰ ਦਬਾਉਣ ਲਈ ਤਾਨਾਸ਼ਾਹੀ ਤਰੀਕੇ ਅਪਣਾਉਣ ਦੀ ਬਜਾਏ, ਤੁਹਾਨੂੰ ਮੁੱਦੇ ਨੂੰ ਸਮਝਣਾ ਅਤੇ ਉਸਦਾ ਹੱਲ ਕੱਢਣਾ ਚਾਹੀਦਾ ਹੈ ਅਤੇ ਇਸਦੀ ਸ਼ੁਰੂਆਤ ਤੁਹਾਨੂੰ ਨਸ਼ਿਆਂ ਦੇ ਪ੍ਰਸਾਰ ਰਾਹੀਂ ਪੰਜਾਬ ਨੂੰ ਵੰਡਣ ਵਾਸਤੇ ਪੰਜਾਬੀਆਂ ਤੋਂ ਮੁਆਫੀ ਮੰਗ ਕੇ ਕਰਨੀ ਚਾਹੀਦੀ ਹੈ।