ਚੰਡੀਗੜ੍ਹ, 29 ਜਨਵਰੀ : ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਪੰਜਾਬ ਬੀ ਕੇ ਯੂ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਬਾਜਵਾ ਨੇ ਪ੍ਰੈੱਸ ਬਿਆਨ ਜਾਰੀ ਕਰ ਕੇ ਕੀਤਾ | ਉਹਨਾਂ ਕਿਹਾ ਕਿ ਜੋ ਬੀਤੇ ਦਿਨ ਪਿੰਡ ਬਦਿਆਲ ਦੇ ਕਿਸਾਨ ਗੁਰਤੇਜ ਸਿੰਘ ਨੂੰ ਅਵਾਰਾ ਕੁੱਤਿਆਂ ਨੇ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜੋ ਕਿ ਬਹੁਤ ਮੰਦਭਾਗੀ ਅਤੇ ਦਿਲ ਨੂੰ ਰੁਲਾਉਣ ਵਾਲੀ ਘਟਨਾ ਹੈ | ਅੱਜ ਪੰਜਾਬ ਦੇ ਕਿਸਾਨ ਦੀ ਇਹ ਹਾਲਤ ਹੋ ਗਈ ਹੈ ਕਿ ਉਸ ਨੂੰ ਆਪਣੀ ਫਸਲ ਪਾਲਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈ ਰਹੀ ਹੈ | ਇਸ ਤੋਂ ਵੀ ਜਿਆਦਾ ਦੁਖੀ ਕਰਨ ਵਾਲੀ ਗੱਲ ਇਹ ਹੈ ਕਿ ਇਹ ਮੌਤ ਕਿਸੇ ਕੁਦਰਤੀ ਕਾਰਨਾਂ ਕਰਕੇ ਨਹੀਂ ਸਗੋਂ ਨਿਕੰਮੀ ਸਰਕਾਰ ਵੱਲੋਂ ਕਿਸਾਨਾਂ ਦੀ ਕਿਸੇ ਵੀ ਗੱਲ ਵੱਲ ਧਿਆਨ ਨਾ ਦੇਣ ਕਾਰਣ ਹੋਈ ਹੈ | ਉਹਨਾਂ ਕਿਹਾ ਕਿ ਅਸੀਂ ਸਰਕਾਰ ਤੋਂ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ ਕਿ ਅਵਾਰਾ ਪਸ਼ੁ ਕਿਸਾਨ ਦੀ ਫਸਲ ਤਬਾਹ ਕਰ ਰਹੇ ਹਨ ਅਤੇ ਦਿਨੋ ਦਿਨ ਵਧ ਰਹੀ ਅਵਾਰਾ ਕੁੱਤਿਆਂ ਦੀ ਗਿਣਤੀ ਇਨਸਾਨੀ ਮੌਤਾਂ ਦਾ ਕਾਰਣ ਬਣ ਰਹੀ ਹੈ | ਸਰਕਾਰ ਵੱਲੋਂ ਹਮੇਸ਼ਾ ਫੋਕੇ ਵਾਅਦੇ ਕੀਤੇ ਜਾਂਦੇ ਹਨ ਕਿ ਇਹਨਾਂ ਸਮੱਸਿਆਵਾਂ ਲਈ ਸਰਕਾਰ ਯਤਨ ਕਰ ਰਹੀ ਹੈ ਪ੍ਰੰਤੂ ਅਸਲੀਅਤ ਇਹ ਹੈ ਕਿ ਮੰਤਰੀਆਂ ਦੇ ਬਿਆਨ ਸਿਰਫ ਅਖਬਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ ਅਤੇ ਜਮੀਨੀ ਤੌਰ ਤੇ ਕਿਸੇ ਤਰਾਂ ਦਾ ਉਪਰਾਲਾ ਨਜਰ ਨਹੀਂ ਆਉਂਦਾ|
ਸ. ਮਾਨ ਨੇ ਕਿਹਾ ਕਿ ਅਵਾਰਾ ਕੁੱਤਿਆਂ ਵੱਲੋਂ ਇਨਸਾਨੀ ਜ਼ਿੰਦਗਿਆਂ ਤੇ ਹਮਲਿਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ | ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਵਾਂਗ ਪੰਚਾਇਤਾਂ ਨੂੰ ਇਹਨਾਂ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਇਜ਼ਾਜਤ ਦੇਣ ਜਾਂ ਫਿਰ ਸਰਕਾਰ ਆਪਣੇ ਤੌਰ ਤੇ ਤੁਰੰਤ ਇਸ ਤਰਾਂ ਦੇ ਕਦਮ ਉਠਾਏ ਜਿਸ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ | ਸਿਰਫ ਬਿਆਨ ਦੇਣ ਨਾਲ ਇਸ ਮੁਸ਼ਕਿਲ ਦਾ ਹੱਲ ਨਹੀਂ ਹੋ ਜਾਂਦਾ , ਇਸ ਲਈ ਜਮੀਨੀ ਪਧਰ ਤੇ ਫੌਰੀ ਕਦਮ ਚੁੱਕਣ ਦੀ ਲੋੜ ਹੈ |
ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਰਾਤਾਂ ਨੂੰ ਵੀ ਆਪਣੀ ਫਸਲ ਬਾਰੇ ਨਿਸਚਿੰਤ ਹੋ ਕੇ ਨਹੀਂ ਸੌਂ ਸਕਦਾ | ਸਰਕਾਰ ਇਹਨਾਂ ਅਵਾਰਾ ਪਸ਼ੂਆਂ ਨੂੰ ਸੰਭਾਲਣ ਲਈ ਲੰਮੇ ਸਮੇਂ ਤੋਂ ਯਤਨ ਕੀਤੇ ਜਾਣ ਦੇ ਵਾਅਦੇ ਕਰਦੀ ਆ ਰਹੀ ਹੈ ਪ੍ਰੰਤੂ ਹੱਲ ਕੁਝ ਵੀ ਨਹੀਂ ਹੋ ਰਿਹਾ |
ਕਿਸਾਨ ਨੇਤਾਵਾਂ ਨੇ ਮੰਗ ਕੀਤੀ ਕਿ ਮਾਰੇ ਗਏ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਆਪਣੀ ਜ਼ਿੰਮੇਦਾਰੀ ਸਮਝਦੀ ਹੋਈ ਤੁਰੰਤ ਮਾਲੀ ਸਹਾਇਤਾ ਦੇਵੇ |