ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਆਖਿਆ ਹੈ ਕਿ ‘ਦੇਸ਼ ਦੀ ਜਨਤਾ ਦੀਆਂ ਆਸਾਂ ਉਤੇ ਖਰੇ ਉਤਰਨ ਲਈ ਸੰਸਦ ਦੀ ਕਾਰਵਾਈ ਸ਼ਾਂਤੀਪੂਰਬਕ ਚੱਲਣਾ ਯਕੀਨੀ ਬਣਾਉਣ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।’ ਸਾਰੀਆਂ ਪਾਰਟੀਆਂ ਦੇ ਆਗੂਆਂ ਅਤੇ ਸੰਸਦ ਦੇ ਦੋਵੇਂ ਸਦਨਾਂ ਦੇ ਸਮੂਹਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ ਉਤੇ ਖ਼ੁਸ਼ੀ ਪ੍ਰਗਟਾਈ ਕਿ ਵੱਖੋ-ਵੱਖਰੀਆਂ ਪਾਰਟੀਆਂ ਦੇ ਆਗੂ ਭਲਕੇ ਤੋਂ ਅਰੰਭ ਹੋ ਰਹੇ ਸਰਦ-ਰੁਤ ਸੈਸ਼ਨ ਦੌਰਾਨ ਸੰਸਦ ਦੀ ਕਾਰਵਾਈ ਨੂੰ ਸ਼ਾਂਤੀਪੂਰਬਕ ਚੱਲਣ ਦੇਣ ਦੇ ਹੱਕ ਵਿੱਚ ਹਨ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਇਸ ਵੇਲੇ ਜੀ.ਐਸ.ਟੀ. ਬਿਲ (ਗੁਡਜ਼ ਐਂਡ ਸਰਵਿਸੇਜ਼ ਟੈਕਸ ਬਿਲ – ਵਸਤਾਂ ਤੇ ਸੇਵਾਵਾਂ ਉਤੇ ਟੈਕਸ ਬਾਰੇ ਬਿਲ) ਬਾਰੇ ਵੱਖੋ-ਵੱਖਰੀਆਂ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਰੇ ਹਨ। ਅਗਲੇ ਮਹੀਨੇ ਪੈਰਿਸ ਵਿਖੇ ਵਾਤਾਵਰਣਕ ਤਬਦੀਲੀ ਦੇ ਮੁੱਦੇ ਉਤੇ ਹੋਣ ਵਾਲੀ ਕਾਨਫ਼ਰੰਸ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਦੱਸਿਆ ਕਿ ਵਾਤਾਵਰਣ, ਜੰਗਲਾਤ ਤੇ ਵਾਤਾਵਰਣਕ ਤਬਦੀਲੀ ਬਾਰੇ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਨੇ ਵਾਤਾਵਰਣਕ ਤਬਦੀਲੀ ਨਾਲ ਸਬੰਧਤ ਮੁੱਦਿਆਂ ਬਾਰੇ ਦੇਸ਼ ਦੀ ਚਿੰਤਾ ਸਬੰਧੀ ਵਿਭਿੰਨ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਪਾਰਟੀਆਂ ਨੂੰ ਅਗਲੇ ਦੋ ਦਿਨਾਂ ਵਿੱਚ ਆਪੋ-ਆਪਣੇ ਸੁਝਾਅ ਦੇਣ ਤੇ ਵਿਚਾਰ ਪ੍ਰਗਟਾਉਣ ਲਈ ਆਖਿਆ ਹੈ।
ਸਰਬ ਪਾਰਟੀ ਮੀਟਿੰਗ ਨੂੰ ਅਰੰਭ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਭਾਵੇਂ ਸਰਕਾਰ ਨੂੰ ਨਹੀਂ ਜਾਪਦਾ ਕਿ ਦੇਸ਼ ਵਿੱਚ ਅਸਹਿਣਸ਼ੀਲਤਾ ਵਧ ਰਹੀ ਹੈ ਅਤੇ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਅਜਿਹੀਆਂ ਕੁੱਝ ਇੱਕਾ-ਦੁੱਕਾ ਘਟਨਾਵਾਂ ਵਾਪਰੀਆਂ ਵੀ ਹਨ, ਉਹ ਸਭ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ। ਪਰ ਜੇ ਵਿਰੋਧੀ ਧਿਰ ਇਸ ਮੁੱਦੇ ਉਤੇ ਸੰਸਦ ਵਿੱਚ ਬਹਿਸ ਚਾਹੁੰਦੀ ਹੈ, ਤਾਂ ਕੇਂਦਰ ਸਰਕਾਰ ਇਸ ਲਈ ਵੀ ਤਿਆਰ ਹੈ।
ਸ੍ਰੀ ਵੈਂਕਈਆ ਨਾਇਡੂ ਨੇ ਕਿਹਾ,”ਅਸੀਂ ਪਿਛਲੇ ਵਰ੍ਹੇ ਭਾਰੀ ਲੋਕ-ਫ਼ਤਵੇ ਨਾਲ ਸੱਤਾ ‘ਚ ਆਏ ਸਾਂ ਅਤੇ ਲੋਕਾਂ ਦੀਆਂ ਆਸਾਂ ਉਤੇ ਖਰੇ ਉਤਰਨਾ ਸਾਡੀ ਜ਼ਿੰਮੇਵਾਰੀ ਹੈ। ਜਨਤਾ ਚਾਹੁੰਦੀ ਹੈ ਕਿ ਦੇਸ਼ ਵਿੱਚ ਤੇਜ਼ ਰਫ਼ਤਾਰ ਨਾਲ ਵਿਕਾਸ ਹੋਵੇ, ਜਿਸ ਨਾਲ ਆਮ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੋਣ। ਅਸੀਂ ਇਹ ਗੱਲ ਭਲੀਭਾਂਤ ਸਮਝਦੇ ਹਾਂ ਕਿ ਵਿਕਾਸ ਕੇਵਲ ਸ਼ਾਂਤੀ ਅਤੇ ਆਪਸੀ ਇੱਕਸੁਰਤਾ ਦੇ ਮਾਹੌਲ ਵਿੱਚ ਹੀ ਸੰਭਵ ਹੋ ਸਕਦਾ ਹੈ। ਅਸੀਂ ਸਭ ਤੋਂ ਪਹਿਲਾਂ ਵਿਕਾਸ ਚਾਹੁੰਦੇ ਹਾਂ ਅਤੇ ਅਸਹਿਣਸ਼ੀਲਤਾ ਦੀ ਕਿਸੇ ਵੀ ਘਟਨਾ ਨੂੰ ਅੱਖੋਂ ਪ੍ਰੋਖੇ ਨਹੀਂ ਕਰਦੇ।”
ਇਹ ਜ਼ਿਕਰ ਕਰਦਿਆਂ ਕਿ ਸੱਤਾ ਵਿੱਚ ਭਾਵੇਂ ਕੋਈ ਵੀ ਪਾਰਟੀ ਕਿਉਂ ਨਾ ਹੋਵੇ ਆਰਥਿਕ ਵਿਕਾਸ ਸਦਾ ਹੀ ਪ੍ਰਗਤੀਸ਼ੀਲ ਰਹਿੰਦਾ ਹੈ, ਸ੍ਰੀ ਨਾਇਡੂ ਨੇ ਕਿਹਾ ਕਿ ਜੀ.ਐਸ.ਟੀ. ਬਿਲ ਪਿਛਲੇ ਲੰਮੇ ਸਮੇਂ ਤੋਂ ਮੁਲਤਵੀ ਪਿਆ ਹੈ ਅਤੇ ਉਨ੍ਹਾਂ ਇਸ ਮੁੱਦੇ ਉਤੇ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜੀ.ਐਸ.ਟੀ. ਬਿਲ ਦੀਆਂ ਵਿਵਸਥਾਵਾਂ ਬਾਰੇ ਜਿਹੜੇ ਮੁੱਦੇ ਉਠਾਏ ਗਏ ਹਨ, ਸਰਕਾਰ ਉਨ੍ਹਾਂ ਦਾ ਹੱਲ ਲੱਭਣਾ ਚਾਹੇਗੀ ਕਿਉਂਕਿ ਇਸ ਜੀ.ਐਸ.ਟੀ. ਬਿਲ ਦੇ ਲਾਗੂ ਹੋਣ ਨਾਲ ਦੇਸ਼ ਵਿੱਚ ਆਰਥਿਕ ਅਤੇ ਵਪਾਰਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਬਾਅਦ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਇਡੂ ਨੇ ਦੱਸਿਆ ਕਿ ਸਰਬ ਡਾਰਟੀ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਬਹੁਤ ਹੀ ਸਾਰਥਕ ਢੰਗ ਨਾਲ ਸੰਪੰਨ ਹੋਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਇਸੇ ਗੱਲ ਉਤੇ ਜ਼ੋਰ ਦਿੱਤਾ ਗਿਆ ਕਿ ਸਰਦ ਰੁੱਤ ਦਾ ਇਹ ਸੈਸ਼ਨ ਉਸਾਰੂ ਹੋ ਨਿੱਬੜੇ।
ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੀ 125