ਗਿਆਨੀ ਸੰਤੋਖ ਸਿੰਘ : ਖੋਤੇ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਇਹ ਇਕ ਭਾਰ ਢੋਣ ਵਾਲਾ ਜਾਨਵਰ ਹੈ ਪਰ ਖਡੱਲ ਬਾਰੇ ਸ਼ਾਇਦ ਸਾਰੇ ਪੰਜਾਬੀ ਨਾ ਜਾਣਦੇ ਹੋਣ! ਇਸ ਲਈ ਅੱਗੇ ਤੁਰਨ ਤੋਂ ਪਹਿਲਾਂ ਇਸ ਬਾਰੇ ਸਮਝ ਲਿਆ ਜਾਵੇ। ਮਾਝੇ ਦੇ ਇਲਾਕੇ ਵਿਚ ਖਡੱਲ ਉਸ ਖੂਹ ਨੂੰ ਆਖਿਆ ਜਾਂਦਾ ਹੈ ਜੇਹੜਾ ਵਰਤੋਂ ਵਿਚ ਨਾ ਆ ਰਿਹਾ ਹੋਵੇ। ਨਾ ਉਸ ਉਪਰ ਭੌਣੀ ਹੋਵੇ ਜਿਸ ਰਾਹੀਂ ਪਾਣੀ ਖਿੱਚਿਆ ਜਾਂਦਾ ਹੈ ਤੇ ਨਾ ਹੀ ਹੋਰ ਕਿਸੇ ਤਰ੍ਹਾਂ ਦਾ ਕੁਝ ਵਰਤਣ ਵਲ਼ੇਵਾਂ ਹੋਵੇ; ਅਰਥਾਤ ਕੁਝ ਵੀ ਉਸ ਉਪਰ ਵਿਢਿਆ ਹੋਇਆ ਨਾ ਹੋਵੇ। ਅਜਿਹੇ ਖੂਹ ਵਿਚ ਕਦੀ ਕਦਾਈਂ ਕੁਝ ਨਾ ਕੁਝ ਡਿੱਗ ਵੀ ਪਿਆ ਕਰਦਾ ਹੈ। ਜਰੂਰੀ ਨਹੀਂ ਕਿ ਉਸ ਵਿਚ ਪਾਣੀ ਵੀ ਹੋਵੇ।
ਅਜਿਹੀ ਹੀ ਇਕ ਪਿੰਡ ਦੀ ਖਡੱਲ ਵਿਚ ਘੁਮਿਆਰ ਦਾ ਖੋਤਾ ਡਿਗ ਪਿਆ। ਖਡੱਲ ਵਿਚ ਪਾਣੀ ਬਿਲਕੁਲ ਥੋਹੜਾ ਜਿਹਾ ਹੀ ਸੀ ਜਿਸ ਵਿਚ ਖੋਤੇ ਨੇ ਡੁੱਬਣਾ ਤਾਂ ਕੀ ਸੀ ਸਗੋਂ ਪਾਣੀ ਉਸ ਦੇ ਢਿਡ ਤੱਕ ਵੀ ਨਾ ਅੱਪੜਿਆ। ਪਿੰਡ ਵਿਚ ਰੌਲ਼ਾ ਜਿਹਾ ਪੈ ਗਿਆ, “ਬੰਤੇ ਘੁਮਿਆਰ ਦਾ ਖੋਤਾ ਖੂਹ ਵਿਚ ਡਿਗ ਪਿਆ ਓਇ! ਭੱਜੋ ਓਇ!!” ਕੁਝ ਲੋਕ ਖਡੱਲ ਦੇ ਦੁਆਲੇ ਆ ਖਲੋਤੇ। ਹਰ ਕੋਈ ਆਪਣੀ ਆਪਣੀ ਰਾਇ ਦੇਣ ਲੱਗਾ ਕਿ ਖੋਤੇ ਨੂੰ ਖੂਹ ਵਿਚੋਂ ਬਾਹਰ ਕਿਵਂੇ ਕਢਿਆ ਜਾਵੇ! ਲੰਮੀ ‘ਚੁੰਝ-ਚਰਚਾ’ ਪਿਛੋਂ ਅਖੀਰ ਫੈਸਲਾ ਇਹ ਹੋਇਆ ਕਿ ਖੋਤਾ ਬਹੁਤ ਬੁਢਾ ਹੋ ਚੁੱਕਾ ਹੈ ਤੇ ਕਿਸੇ ਕੰਮ ਦਾ ਨਹੀਂ ਰਿਹਾ। ਇਸ ਲਈ ਇਸ ਨੂੰ ਬਾਹਰ ਕਢਣ ਦੇ ਖਲਜਗਣ ਵਿਚ ਪੈਣ ਦੀ ਬਜਾਇ ਵਿਚੇ ਹੀ ਪਿਆ ਰਹਿਣ ਦਿਓ ਤੇ ਮਿੱਟੀ ਪਾ ਕੇ ਇਸ ਖੂਹ ਨੂੰ ਹੀ ਪੂਰ ਦਿਓ ਤਾਂ ਕਿ ਜੇਹੜਾ ਇਸ ਖੂਹ ਬਾਰੇ ਹਰ ਸਮੇ ਤੌਖਲਾ ਬਣਿਆ ਰਹਿੰਦਾ ਹੈ ਕਿ ਕੋਈ ਬੱਚਾ, ਬੰਦਾ ਜਾਂ ਡੰਗਰ ਇਸ ਵਿਚ ਡਿਗ ਨਾ ਪਵੇ, ਉਹ ਵੀ ਹਟ ਜਾਊ। ਇਉਂ ਕਰੋ; ਫੜੋ ਟੋਕਰੀਆਂ ਤੇ ਕਹੀਆਂ ਤੇ ਮਿੱਟੀ ਪਾ ਕੇ ਇਸ ਨੂੰ ਅੱਜ ਪੂਰ ਹੀ ਦਿਓ। “ਨਾ ਨੱਕ ਰਹੇ ਤੇ ਨਾ ਮੱਖੀ ਬਹੇ।”
ਪਿੰਡ ਦੇ ਗਭਰੂ ਲੱਗ ਪਏ ਨਾਲ਼ ਦੀਆਂ ਪੈਲ਼ੀਆਂ ਵਿਚੋਂ ਟੋਕਰੀਆਂ ਭਰ ਭਰ ਤੇ ਖੂਹ ਵਿਚ ਸੁੱਟਣ, ਬਿਨਾ ਇਹ ਵੇਖਣ ਦੇ ਕਿ ਖੂਹ ਵਿਚ ਕੀ ਹੋ ਰਿਹਾ ਹੈ! ਜਿਵੇਂ ਹੀ ਟੋਕਰੀ ਦੀ ਮਿੱਟੀ ਖੂਹ ਵਿਚ ਡਿੱਗੇ ਤੇ ਖੋਤਾ ਆਪਣੇ ਪਿੰਡੇ ਤੋਂ ਉਸ ਮਿੱਟੀ ਨੂੰ ਛੰਡ ਕੇ ਉਸ ਮਿੱਟੀ ਦੇ ਉਪਰ ਹੋ ਜਿਆ ਕਰੇ। ਹਰੇਕ ਟੋਕਰੀ ਦੇ ਡਿੱਗਣ ਪਿੱਛੋਂ ਖੋਤਾ ਏਸੇ ਕਰਮ ਨੂੰ ਦੁਹਰਾਈ ਜਾਵੇ ਤੇ ਹੌਲ਼ੀ ਹੌਲ਼ੀ ਉਹ ਉਚੀ ਹੋ ਰਹੀ ਮਿੱਟੀ ਦੇ ਨਾਲ਼ ਨਾਲ਼ ਖੂਹ ਦੇ ਮੂੰਹ ਤੱਕ ਆ ਗਿਆ। ਉਸ ਨੇ ਜਦੋਂ ਵੇਖਿਆ ਕਿ ਉਹ ਆਸਾਨੀ ਨਾਲ਼ ਬਾਹਰ ਨਿਕਲ਼ ਸਕਦਾ ਹੈ ਤਾਂ ਆਰਾਮ ਨਾਲ਼ ਖਡੱਲ ਵਿਚੋਂ ਨਿਕਲ਼ ਕੇ ਇਕ ਪਾਸੇ ਨੂੰ ਤੁਰ ਪਿਆ; ਲੋਕ ਉਸ ਵੱਲ ਹੈਰਾਨੀ ਨਾਲ਼ ਵੇਂਹਦੇ ਹੀ ਰਹਿ ਗਏ।
ਪਰ ਇਸ ਇਸ ਬਿਪਤਾ ਵਿਚੋਂ ਖੋਤਾ ਤਾਂ ਹੀ ਬਾਹਰ ਨਿਕਲ਼ ਸਕਿਆ ਕਿਉਂਕਿ ਉਸ ਉਪਰ ਕਿਸੇ ਵਸਤੂ ਦਾ ਭਾਰ ਨਹੀਂ ਸੀ। ਕੋਈ ਛੱਟ ਵਗੈਰਾ ਉਸ ਦੀ ਪਿੱਠ ਉਪਰ ਨਹੀਂ ਸੀ ਲੱਦੀ ਹੋਈ। ਪੰਜਾਬ ਦੀ ਮੌਜੂਦਾ ਹਾਲਤ ਵੀ ਕੁਝ ਇਸ ਨਾਲ਼ ਮਿਲਦੀ ਜੁਲ਼ਦੀ ਜਿਹੀ ਲੱਗਦੀ ਹੈ ਪਰ ਇਸ ਉਪਰ ਛੱਟਾਂ ਇਕ ਦੀ ਥਾਂ ਤਿੰਨ ਲੱਦੀਆਂ ਹੋਈਆਂ ਹਨ। ਇਹਨਾਂ ਨੂੰ ਜਦੋਂ ਤੱਕ ਆਪਣੀ ਪਿੱਠ ਤੋਂ ਉਤਾਰਿਆ ਨਹੀਂ ਜਾਂਦਾ ਓਨਾ ਚਿਰ ਇਸ ਬਿਪਤਾ ਦੇ ਖੂਹ ਵਿਚੋਂ ਨਿਕਲ਼ ਸਕਣਾ ਬਹੁਤ ਔਖਾ ਲੱਗਦਾ ਹੈ ਪਰ ਮਜਬੂਰੀ ਇਸ ਗੱਲ ਦੀ ਹੈ ਕਿ ਇਹ ਛੱਟਾਂ ਉਤਾਰ ਸਕਣ ਵਾਲ਼ਾ ਕਾਰਜ ਬਹੁਤ ਮੁਸ਼ਕਲ ਹੈ; ਆਸ ਨਹੀਂ ਇਹ ਹੋ ਸਕੇ।