ਬਲਵਿੰਦਰ ਅੱਤਰੀ, ਸਾਬਕਾ ਡਿਪਟੀ ਡਾਇਰੈਕਟਰ, ਪੀ.ਆਈ.ਬੀ., ਜਲੰਧਰ : ਤੁਸੀਂ ਵੀ ਕਦੇ ਨਾ ਕਦੇ ਬੰਟੇ ਖੇਡੇ ਹੋਣਗੇ। ਪਿਲ-ਗੋਲੀ, ਮਾਟਾ ਤੇ ਕਲੀ-ਜੋਟਾ ਖੇਡਿਆ ਹੋਵੇਗਾ। ਜਿੰਨ•ਾਂ ਨੇ ਨਹੀਂ ਖੇਡਿਆ ਉਨ•ਾਂ ਲਈ ਦੱਸ ਦੇਈਏ ਬੰਟਿਆਂ ਨੂੰ ਦੋਹਾਂ ਬੁੱਕਾਂ ‘ਚ ਪਾ ਕੇ ਖੜਕਾ ਕੇ ਕੁਝ ਬੰਟੇ ਇਕ ਮੁੱਠੀ ਵਿਚ ਬੰਦ ਕਰ ਲਈਦੇ ਨੇ। ਦੂਸਰਾ ਕਲੀ ਜਾਂ ਜੋਟਾ ਮੰਗਦਾ ਹੈ ਇਕ, ਤਿੰਨ, ਪੰਜ, ਸੱਤ, ਨੌਂ, ਗਿਆਰਾ, ਤੇਰ•ਾਂ, ਪੰਦਰਾਂ ਨਿਕਲਣ ਤਾਂ ਕਲੀ। ਦੋ, ਚਾਰ, ਛੇ, ਅੱਠ, ਦੱਸ, ਬਾਰਾਂ, ਚੌਦਾਂ ਨਿਕਲਣ ਤਾਂ ਜੋਟਾ। ਪਿਛਲੇ ਸਾਲ ਵਿਸ਼ਵ ਸਿਹਤ ਸੰਸਥਾ ਨੇ ਵਿਸ਼ਵ ਦੇ 1600 ਸ਼ਹਿਰਾਂ ਦੇ ਪ੍ਰਦੂਸ਼ਨ ਦੇ ਪੱਧਰ ਦਾ ਮੁਲਾਂਕਣ ਕੀਤਾ। ਜਿਸ ਮੁਤਾਬਕ ਦਿੱਲੀ ਵਿਚ ਪ੍ਰਦੂਸ਼ਨ ਦਾ ਪੱਧਰ ਵਿਸ਼ਵ ਦੇ ਬਾਕੀ ਸਾਰੇ ਸ਼ਹਿਰਾਂ ਨਾਲੋਂ ਸੱਭ ਤੋਂ ਵੱਧ ਪਾਇਆ ਗਿਆ। ਮਤਲਬ ਕਿ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਵਿਸ਼ਵ ਦਾ ਸੱਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ। ਦਿੱਲੀ ਨੂੰ ਮਿਲੇ ਇਸ ਦਰਜੇ ਤੇ ਸੱਭ ਦਾ ਚਿੰਤਕ ਹੋਣਾ ਕੁਦਰਤੀ ਸੀ। ਪ੍ਰਦੂਸ਼ਨ ਦਾ ਮਾਮਲਾ ਅਦਾਲਤਾਂ ਤੱਕ ਵੀ ਪਹੁੰਚਿਆ। ਦਿੱਲੀ ਹਾਈਕੋਰਟ ਨੇ 30 ਨਵੰਬਰ 2015 ਨੂੰ ਆਪਣੇ ਇਕ ਫੈਸਲੇ ਰਾਹੀਂ ਸਰਕਾਰ ਨੂੰ ਪ੍ਰਦੂਸ਼ਨ ਦੇ ਟਾਕਰੇ ਲਈ ਠੋਸ ਕਾਰਵਾਈ ਤਿਆਰ ਕਰਨ ਲਈ ਕਿਹਾ। ਸੁਪਰੀਮ ਕੋਰਟ ਨੇ ਵੀ 16 ਦਸੰਬਰ 2015 ਨੂੰ ਪ੍ਰਦੂਸ਼ਨ ਦੇ ਪੱਧਰ ਤੇ ਸਖ਼ਤ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਦੱਸ ਸਾਲਾਂ ਤੋਂ ਪੁਰਾਣੇ ਵਾਹਨਾਂ ਦੇ ਦਿੱਲੀ ਵਿਚ ਪ੍ਰਵੇਸ਼ ਤੇ ਪਾਬੰਦੀ ਲਗਾ ਦਿੱਤੀ। ਸਾਰੀਆਂ ਟੈਕਸੀਆਂ ਨੂੰ ਸੀ.ਐਨ.ਜੀ. ਵਿਚ ਬਦਲਣ ਦੀ ਹਦਾਇਤ ਕੀਤੀ ਤੇ 2000 ਤੋਂ ਵੱਧ ਸੀ.ਸੀ. ਸਮਰੱਥਾ ਵਾਲੀਆਂ ਕਾਰਾਂ ਦੀ ਰਜਿਸਟਰੇਸ਼ਨ 31 ਮਾਰਚ 2016 ਤੱਕ ਨਾ ਕਰਨ ਦੀ ਹਦਾਇਤ ਵੀ ਕੀਤੀ।
ਇਸ ਦੌਰਾਨ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਇਕ ਅਹਿਮ ਫੈਸਲਾ ਲਿਆ, ਫੈਸਲੇ ਮੁਤਾਬਕ ਕਾਰਾਂ ਨੂੰ ਔਡ ਅਤੇ ਈਵਨ ਨੰਬਰ ਅਦਾਰ ਤੇ ਬਦਲਵੇ ਦਿਨਾਂ ਵਿਚ ਸੜਕਾਂ ਤੇ ਆਉਣ ਦੀ ਇਜ਼ਾਜਤ ਦਿੱਤੀ ਗਈ। ਇਸ ਫੈਸਲੇ ਦਾ ਤਿੱਖਾ ਪ੍ਰਤੀਕਰਮ ਹੋਣਾ ਲਾਜ਼ਮੀ ਸੀ। ਕਿਉਂਕਿ ਕਾਰ ਹੁਣ ਰੁਤਬੇ ਦਾ ਪ੍ਰਤੀਕ ਹੀ ਨਹੀਂ ਸਗੋਂ ਇਕ ਲੋੜ ਵੀ ਬਣ ਚੁੱਕੀ ਹੈ। ਸਰਕਾਰ ਦਾ ਮੰਤਵ ਇਸ ਰਾਹੀਂ ਦਿੱਲੀ ਵਿਚੋਂ ਪ੍ਰਦੂਸ਼ਨ ਹਰ ਹੀਲੇ ਆਮ ਪੱਧਰ ਤੋਂ ਹੇਠਾਂ ਲਿਆਉਣਾ ਸੀ। ਨਵੇਂ ਸਾਲ ਦੇ ਪਹਿਲੇ ਦਿਨ ਹੀ ਅਮਲ ਵਿਚ ਆਈ ਇਸ ਯੋਜਨਾ ਨੂੰ ਵੱਖ ਵੱਖ ਧਿਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਲੋਕਾਂ ਦੇ ਸਹਿਯੋਗ ਤੋਂ ਪ੍ਰਭਾਵਿਤ ਹੋ ਕੇ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ ਟਵੀਟ ਵਿਚ ਪੱਛਮੀ ਸੰਗੀਤ ਦੇ ਗਾਇਕ, ਗੀਤਕਾਰ ਜੌਹਨ ਲੇਨੋਨ ਦੇ ਸ਼ਬਦਾਂ ਦਾ ਆਸਰਾ ਲੈਂਦੇ ਹੋਏ ਲਿਖਿਆ: ”ਤੁਸੀਂ ਮੈਨੂੰ ਸੁਪਨੇ ਲੈਣ ਵਾਲਾ ਆਖ ਸਕਦੇ ਹੋ, ਪਰ ਮੈਂ ਇਕੱਲਾ ਨਹੀਂ ਮੈਨੂੰ ਆਸ ਹੈ ਕਿ ਕਿਸੇ ਦਿਨ ਤੁਸੀ ਵੀ ਮੇਰੇ ਵਿਚ ਸ਼ਾਮਿਲ ਹੋਵੋਗੇ।”
ਦਿੱਲੀ ਦੀਆਂ ਸੜਕਾਂ ਹਰ ਰੋਜ਼ ਔਸਤਨ 90 ਲੱਖ ਮੋਟਰ ਗੱਡੀਆਂ ਦਾ ਭਾਰ ਸਹਾਰਦਿਆਂ ਹਨ ਤੇ ਔਸਤਨ 1400 ਨਵੀਆਂ ਕਾਰਾਂ ਹਰ ਰੋਜ਼ ਇਸ ਵਿਚ ਸ਼ਾਮਿਲ ਹੋ ਰਹੀਆਂ ਹਨ। ਪ੍ਰਦੂਸ਼ਨ ਦੇ ਨਾਲ ਨਾਲ ਵਾਹਨਾਂ ਦਾ ਲੰਬਾ ਜਾਮ ਵੀ ਚਿੰਤਾ ਦੇ ਪੱਧਰ ਤੋਂ ਕਾਫੀ ਉੱਚਾ ਜਾ ਚੁੱਕਾ ਹੈ। ਦਿੱਲੀ ਵਿਸ਼ਵ ਦਾ ਪਹਿਲਾ ਸ਼ਹਿਰ ਨਹੀਂ ਹੈ ਜਿਥੇ ਔਡ ਈਵਨ ਨਿਯਮਾਂ ਨੂੰ ਲਾਗੂ ਕੀਤਾ ਗਿਆ ਹੈ। ਪੈਰਿਸ, ਰੋਮ, ਮੈਕਸੀਕੋ ਸਿਟੀ, ਸੈਂਟੀ ਗਿਓ, ਚਿੱਲੀ, ਸਾਓਪਾਲੋ, ਬੀਜ਼ਿੰਗ ਤੇ ਕਈ ਹੋਰ ਸ਼ਹਿਰਾਂ ਵਿਚ ਵੀ ਸਮੇਂ ਸਮੇਂ ਤੇ ਇਹ ਨਿਯਮ ਲਾਗੂ ਹੁੰਦੇ ਰਹੇ ਹਨ। ਕਿਤੇ ਪ੍ਰਦੂਸ਼ਨ ਦੀ ਸਮੱਸਿਆ ਨਾਲ ਨਜਿੱਠਣ ਤੇ ਕਿਤੇ ਵਾਹਨਾਂ ਦੇ ਭੀੜ ਭੜਕੇ ਨੂੰ ਘੱਟ ਕਰਨ ਲਈ ਔਡ ਤੇ ਈਵਨ ਨਿਯਮਾਂ ਦਾ ਸਹਾਰਾ ਲਿਆ ਜਾਂਦਾ ਹੈ।
ਇਤਿਹਾਸ ਦੇ ਪਿਛੋਕੜ ਵਿਚ ਜਾਈਏ ਤਾਂ ਸਭ ਤੋਂ ਪਹਿਲਾ 45 ਬੀ.ਸੀ. ਵਿਚ ਜੁਲੀਅਸ ਸੀਜ਼ਰਜ਼ ਨੇ ਰੋਮ ਸ਼ਹਿਰ ਨੂੰ ਭੀੜ ਭੜਕੇ ਤੋਂ ਬਚਾਉਣ ਲਈ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਘੋੜਿਆ ਨਾਲ ਖੀਚੇ ਜਾਣ ਵਾਲੇ ਗੱਡਿਆ, ਟਾਂਗਿਆ ਤੇ ਰੱਥਾਂ ਆਦਿ ਦੇ ਰੋਮ ਸ਼ਹਿਰ ਵਿਚ ਪ੍ਰਵੇਸ਼ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ।
ਅਮਰੀਕਾ ਦੇ ਕਈ ਸ਼ਹਿਰਾਂ ਵਿਚ 1982 ਵਿਚ ਗੈਸ ਦੀ ਕਮੀ ਹੋਣ ਕਾਰਨ ਔਡ ਤੇ ਈਵਨ ਨੰਬਰ ਦੀਆਂ ਕਾਰਾਂ ਵਿਚ ਬਦਲਵੇ ਦਿਨ ਗੈਸ ਭਰਨ ਲਈ ਮਜਬੂਰ ਹੋਣਾ ਪਿਆ। ਪ੍ਰਦੂਸ਼ਨ ਤੇ ਕਾਬੂ ਪਾਉਣ ਲਈ ਭਾਰਤ ਸਮੇਤ ਵਿਸ਼ਵ ਦੇ ਕਈ ਸ਼ਹਿਰਾਂ ਵਿਚ ਨੋ ਕਾਰ ਡੇ ਵੀ ਮਨਾਏ ਜਾ ਰਹੇ ਹਨ।
ਹਵਾ ਪ੍ਰਦੂਸ਼ਨ ਤੋਂ ਪ੍ਰੇਸ਼ਾਨ ਹੋ ਕੇ ਕੇਂਦਰ ਸਰਕਾਰ ਨੇ 10 ਲੱਖ ਤੋਂ ਵਧੇਰੇ ਆਬਾਦੀ ਵਾਲੇ 66 ਸ਼ਹਿਰਾਂ ਵਿਚ ਹਵਾ ਪ੍ਰਦੂਸ਼ਨ ਦਾ ਪੱਧਰ ਮਾਪਣ ਲਈ ਜਨਤਰ ਲਗਾਉਣ ਦਾ ਫੈਸਲਾ ਕੀਤਾ ਹੈ। ਜੇ ਦਿੱਲੀ ਵਿਚ ਔਡ ਈਵਨ ਨਿਯਮਾਂ ਕਰਕੇ ਪ੍ਰਦੂਸ਼ਨ ਦਾ ਪੱਧਰ ਘੱਟ ਕਰਨ ਵਿਚ ਮਦਦ ਮਿਲਦੀ ਹੈ ਤਾਂ ਦਿੱਲੀ ਸਰਕਾਰ ਦੀ ਜਨ ਸਿਹਤ ਦੇ ਖੇਤਰ ਵਿਚ ਇਕ ਵੱਡੀ ਕਾਮਯਾਬੀ ਹੋਵੇਗੀ। ਹਵਾ ਪ੍ਰਦੂਸ਼ਨ ਬਜ਼ੁਰਗਾਂ ਤੇ ਬੱਚਿਆਂ ਤੇ ਵਧੇਰੇ ਅਸਰ ਕਰਦਾ ਹੈ ਤੇ ਉਨ•ਾਂ ਨੂੰ ਜਲਦੀ ਹੀ ਗੰਭੀਰ ਰੋਗਾਂ ਦੀ ਲਪੇਟ ਵਿਚ ਲੈ ਆਉਂਦਾ ਹੈ। ਭਾਵੇਂ ਔਡ ਤੇ ਈਵਨ ਫਾਰਮੂਲਾ ਵਿਸ਼ਵ ਦੇ ਕਈ ਸ਼ਹਿਰਾਂ ਵਿਚ ਅਪਨਾਇਆ ਗਿਆ ਪਰ ਇਹ ਪ੍ਰਬੰਧ ਕਿਤੇ ਵੀ ਸਥਾਈ ਨਹੀਂ ਹੈ। ਲੋੜ ਪੈਣ ਤੇ ਹੀ ਇਸਨੂੰ ਅਮਲ ਵਿਚ ਲਿਆਂਦਾ ਜਾਂਦਾ ਹੈ। ਦਿੱਲੀ ਵਿਚ ਵੀ ਸ਼ੁਰੂਆਤੀ ਤੌਰ ਤੇ ਇਹ 15 ਜਨਵਰੀ ਤੱਕ ਹੀ ਲਾਗੂ ਰਹਿਣਾ ਪਰ ਜੇ ਇਸ ਨਾਲ ਹਵਾ ਪ੍ਰਦੂਸ਼ਨ ਤੇ ਕਾਬੂ ਪਾਉਣ ਵਿਚ ਮਦਦ ਮਿਲਦੀ ਹੈ ਤਾਂ ਸਮੇਂ ਸਮੇਂ ਤੇ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਇਸ ਨੂੰ ਲਾਗੂ ਕਰਨ ਵਿਚ ਕੋਈ ਹਰਜ਼ ਨਹੀਂ ਹੈ।
ਦਿੱਲੀ ਵਿਚ ਸ਼ੁਰੂ ਹੋਏ ਇਸ ਫਾਰਮੂਲੇ ਬਾਰੇ ਦੂਰਦਰਸ਼ਨ ਜਲੰਧਰ ਦੇ ਸਮਾਚਾਰ ਪ੍ਰਭਾਗ ਵਿਚ ਉਪ ਨਿਦੇਸ਼ਕ ਸਮਾਚਾਰ ਮਨਮੋਹਨ ਸ਼ਰਮਾ ਨਾਲ ਚਰਚਾ ਕਰਦੇ ਹੋਏ ਕੁਝ ਸੌਖੇ ਲਫ਼ਜ਼ਾਂ ਦੀ ਤਲਾਸ਼ ਸੀ। ਅੋਡ ਈਵਨ, ਸਮ ਵਿਸ਼ਮ, ਟਾਂਕ ਜਿਸਤ ਵਰਗੇ ਕਈ ਲਫ਼ਜ਼ ਸਨ ਪਰ ਜੱਚ ਨਹੀਂ ਰਹੇ ਸਨ। ਅਚਾਨਕ ਬਚਪਨ ਵਿਚ ਖੇਡੇ ਗਏ ਕਲੀ ਜੋਟੇ ਦੀ ਯਾਦ ਆਉਂਦੀ ਹੈ ਤੇ ਲਗਦਾ ਇਹ ਲਫ਼ਜ਼ ਇਸ ਫਾਰਮੂਲੇ ਲਈ ਢੁੱਕਵੇਂ ਨੇ ਜੇ ਤੁਹਾਨੂੰ ਕੋਈ ਹੋਰ ਢੁੱਕਵਾਂ ਸ਼ਬਦ ਨਜ਼ਰ ਆਏ ਤਾਂ ਦੱਸਿਓ।